ਪਟਿਆਲਾ: 28 ਸਿਤੰਬਰ, 2022
ਸ਼ਹੀਦ ਭਗਤ ਸਿੰਘ ਦੇ ਜਨਮ-ਦਿਹਾੜੇ ਤੇ ਮੋਦੀ ਕਾਲਜ ਵੱਲੋਂ ਸਾਇਕਲ ਰੈਲੀ, ਵਿਸ਼ੇਸ਼ ਭਾਸ਼ਣ ਤੇ ਨੁੱਕੜ ਨਾਟਕ ਦਾ ਆਯੋਜਨ
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮਦਿਵਸ ਉੱਪਰ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਰਪਿਤ ਇੱਕ ਵਿਸ਼ੇਸ਼ ਭਾਸ਼ਣ, ਸਾਇਕਲ ਰੈਲੀ ਅਤੇ ਨੁੱਕੜ-ਨਾਟਕ ‘ਵਾਹ ਨੀ ਧਰਤ ਸੁਹਾਵੀਏ’ ਦਾ ਮੰਚਨ ਕੀਤਾ ਗਿਆ। ਇਸ ਅਯੋਜਨ ਦਾ ਮੁੱਖ ਮੰਤਵ ਜਿੱਥੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਆਦਰਸ਼ਾਂ, ਕੁਰਬਾਨੀ ਤੇ ਉਸਦੇ ਵਿਚਾਰਾਂ ਦੀ ਸਮਕਾਲੀ ਦੌਰ ਵਿੱਚ ਸਾਰਥਿਕਤਾ ਤੋਂ ਜਾਣੂ ਕਰਵਾਉਂਣਾ ਸੀ ਉੱਥੇ ਸਰੀਰਿਕ-ਮਾਨਸਿਕ ਸਿਹਤ ਬਾਰੇ ਉਹਨਾਂ ਨੂੰ ਜਾਗਰੂਕ ਕਰਨਾ ਵੀ ਸੀ।ਭਗਤ ਸਿੰਘ ਦੀ ਵਿਚਾਰਧਾਰਾ ਤੇ ਮੁੱਖ ਵਕਤਾ ਵੱਜੋਂ ਮੁਲਤਾਨੀ ਮੱਲ ਮੋਦੀ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਬਲਬੀਰ ਸਿੰਘ ਨੇ ਸ਼ਿਰਕਤ ਕੀਤੀ ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਭਗਤ ਸਿੰਘ ਦੇ ਆਦਰਸ਼ਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਸਾਨੂੰ ਨੌਜਵਾਨ ਪੀੜੀ ਅੰਦਰ ਭਗਤ ਸਿੰਘ ਦੇ ਵਿਚਾਰਾਂ ਖਾਸ ਕਰ ਉਨ੍ਹਾਂ ਦੁਆਰਾ ਹਥਿਆਰ ਨਾਲੋਂ ਵਿਚਾਰ ਨੂੰ ਪ੍ਰਮੁਖਤਾ ਦੇਣ ਵਾਲੀ ਸੋਚ ਤੋਂ ਵਾਕਿਫ਼ ਕਰਵਾਉਣ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਤਬਦੀਲੀ ਲਈ ਆਲੋਨਾਤਮਿਕ ਨਜ਼ਰੀਆ ਵਿਕਿਸਤ ਕਰਨ ਅਤੇ ਲੋਕਤੰਤਰਿਕ ਸਪੇਸ ਦੀ ਸਿਰਜਣਾ ਕਰਣ ਲਈ ਉਹਨਾਂ ਦੇ ਆਦਰਸ਼ ਅੱਜ ਵੀ ਸਾਰਥਿਕ ਹਨ। ਉਹਨਾਂ ਦੀ ਜੀਵਣ-ਜਾਂਚ ਅੱਜ ਵੀ ਸਾਡੇ ਲਈ ਰਾਹ-ਦੁਸੇਰੇ ਦਾ ਕੰਮ ਕਰ ਰਹੀ ਹੈ।
ਇਸ ਮੌਕੇ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਮੁੱਖ ਵਕਤਾ ਪ੍ਰੋ. ਬਲਵੀਰ ਸਿੰਘ ਜੀ ਨਾਲ ਸਰੋਤਿਆਂ ਦੀ ਜਾਣ-ਪਛਾਣ ਕਰਵਾਈ ਅਤੇ ਅੱਜ ਦੇ ਵਿਸ਼ੇ ਦੀ ਪ੍ਰਸੰਗਿਕਤਾ ਤੋਂ ਵਿਦਿਆਰਥੀਆਂ ਨੂੰ ਵਾਕਿਫ਼ ਕਰਵਾਇਆ।
ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਮੁੱਖ ਵਕਤਾ ਪ੍ਰੋ. ਬਲਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਇੱਕ ਵਿਚਾਰ ਹੈ, ਇੱਕ ਸੋਚ ਹੈ, ਜਿਸ ਨੂੰ ਨੌਜਵਾਨ ਪੀੜੀ ਦਵਾਰਾ ਅੱਗੇ ਲੈ ਕੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਭਗਤ ਸਿੰਘ ਦੁਆਰਾ ਆਪਣੇ ਛੋਟੇ ਜਿਹੇ ਜੀਵਨਕਾਲ ਵਿੱਚ ਗਿਆਨ ਅਤੇ ਵਿਚਾਰਧਾਰਾ ਸਬੰਧੀ ਜੋ ਪੁਖਤਾ ਸਮਝ ਬਣਾਈ, ਉਹ ਉਨ੍ਹਾਂ ਨੂੰ ਦਾਰਸ਼ਨਿਕ ਇਨਕਲਾਬੀ ਦੇ ਤੌਰ ਤੇ ਸਥਾਪਿਤ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਭਗਤ ਸਿੰਘ ਰਾਜਨੀਤਿਕ ਆਜ਼ਾਦੀ ਨੂੰ ਵਿਗਿਆਨਕ ਸਮਾਜਵਾਦ ਦਾ ਪਹਿਲਾ ਪੜਾਅ ਮੰਨਦੇ ਸਨ। ਭਗਤ ਸਿੰਘ ਅਨੁਸਾਰ ਆਰਥਿਕ ਆਜ਼ਾਦੀ ਤੋਂ ਬਿਨਾ ਰਾਜਨੀਤਿਕ ਆਜ਼ਾਦੀ ਬੇਮਾਹਨਾ ਹੈ। ਸਮਾਗਮ ਦੇ ਅੰਤ ਵਿੱਚ ਧੰਨਵਾਦ ਦਾ ਮਤਾ ਡਾ. ਵੀਰਪਾਲ ਕੌਰ ਵੱਲੋਂ ਪੇਸ਼ ਕੀਤਾ ਗਿਆ ਅਤੇ ਮੰਚ-ਸੰਚਾਲਨ ਦੀ ਜ਼ਿੰਮੇਵਾਰੀ ਡਾ. ਦਵਿੰਦਰ ਸਿੰਘ ਨੇ ਨਿਭਾਈ।
ਇਸ ਦਿਹਾੜੇ ਦੀ ਸ਼ੁਰੂਆਤ ਇੱਕ ਸਾਈਕਲ ਰੈਲੀ ਨਾਲ ਕੀਤੀ ਗਈ ਜਿਸ ਦਾ ਆਯੋਜਨ ਉੱਚ-ਸਿੱਖਿਆ ਵਿਭਾਗ, ਪੰਜਾਬ ਸਰਕਾਰ ਵੱਲੋਂ ਮੋਦੀ ਕਾਲਜ ਦੇ ਸਪੋਰਟਸ ਐਂਡ ਫਿਜ਼ੀਕਲ ਐਜ਼ੂਕੇਸ਼ਨ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦਾ ਉਦਘਾਟਨ ਬ੍ਰਿਗੇਡੀਅਰ (ਰਿਟਾ) ਡਾ.ਐੱਸ.ਐੱਸ.ਪਰਮਾਰ ਅਤੇ ਕਾਲਜ ਐਲ਼ੂਮਨੀ ਦੇ ਪ੍ਰਧਾਨ ਤੇ ਸੈਕਟਰੀ ਰੋਟੇਰਿਅਨ ਮਾਣਕ ਸਿੰਗਲਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਵਿਦਿਆਰਥੀਆਂ ਨੂੰ ਸਾਈਕਲ ਚਲਾਉਣ ਦੀ ਵਾਤਾਵਰਣ ਬਚਾਉਣ ਵਿੱਚ ਮਹੱਤਤਾ ਅਤੇ ਇਸ ਦੇ ਫਾਇਦਿਆਂ ਬਾਰੇ ਵੀ ਦੱਸਿਆ।
ਲੱਗਭਗ 200 ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਰੈਲੀ ਵਿੱਚ ਭਾਗ ਲਿਆ।
ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਅੱਜ ਦੇ ਸਮਾਗਮਾਂ ਦੀ ਆਖਰੀ ਲੜੀ ਵਜੋਂ ਅਖੀਰ ਵਿੱਚ ਧਰਤੀ ਤੇ ਵੱਧ ਰਹੇ ਪ੍ਰਦੂਸ਼ਣ ਬਾਰੇ ਸੰਵਾਦ ਤੋਰਣ ਲਈ ਇੱਕ ਨੁੱਕੜ-ਨਾਟਕ ‘ਵਾਹ ਨੀ ਧਰਤ ਸੁਹਾਵੀਏ’ ਦਾ ਮੰਚਨ ਡਾ. ਦਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਅਗੁਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਦਿਨੋਂ-ਦਿਨ ਵੱਧ ਰਹੇ ਜਲਵਾਯੂ-ਸੰਕਟ ਸਬੰਧੀ ਸੁਚੇਤ ਕੀਤਾ। ਇਸ ਮੌਕੇ ਤੇ ਕਾਲਜ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ, ਕੰਟਰੋਲਰ ਆਫ ਇੰਗਜ਼ਾਮੀਨੇਸ਼ਨ ਡਾ. ਅਜੀਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਸਨ।